ਪਹਿਲਾਂ ਤਾਂ ਅਸੀਂ
ਸਰਕਾਰੀ ਚਿੜੀਆ-ਘਰ ਦੇ ਪੜੇ ਹੁੰਨੇ ਹਾਂ,
ਤੇ ਮਿੰਨੀ ਬੱਸਾਂ ਪਿੱਛੇ ਲਮਕਦੇ-ਝੂਲਦੇ
ਸ਼ਹਿਰਾਂ-ਕਾਲਜਾਂ ਤੱਕ ਪਹੁੰਚਦੇ ਹਾਂ;

ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ
ਡਿਗਰੀਆਂ ਬਣਾ ਰਹੇ ਹੁੰਦੇ ਹਾਂ,
ਤੇ ਸਾਡਾ ਭੋਲਾ ਪਿਉ
ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ
ਰਾਸ਼ਨ-ਕਾਰਡ ਪਾਈਂ
ਕਚਿਹਰੀਆਂ ਦੀ ਦਾਣਾਮੰਡੀ ਵਿੱਚ
ਘੁੰਮ ਰਿਹਾ ਹੁੰਦਾ ਹੈ;

ਫਿਰ ਅਸੀਂ ਹਰ ਮਹੀਨੇ
ਆਪਣੀ ਡਿਗਰੀ ਤੇ ਨਵਾਂ ਕਵਰ ਚੜਾਉਂਦੇ ਹਾਂ
ਤੇ ਭਰਤੀ ਦੀਆਂ ਲੰਬੀਆਂ ਕਤਾਰਾਂ ਵਿੱਚ
ਖੜੇ ਭਰਤੀ ਦਾ ਫਾਰਮ ਖਰੀਦਦੇ ਹਾਂ,
ਨਤੀਜਾ ਪਹਿਲਾਂ ਹੀ ਤਹਿ ਹੁੰਦਾ ਹੈ
ਤੇ ਅਸੀਂ ਐਵੇਂ ਹੀ ਸੂਟ-ਬੂਟ ਵਿੱਚ ਸਜੇ
ਹੋਕੇ ਦੀ ਉਡੀਕ ਵਿੱਚ
ਆਪਣੀ ਆਖਰੀ ਬੱਸ ਵੀ ਲੰਘਾ ਲੈਂਦੇ ਹਾਂ;

ਫਿਰ ਅਸੀਂ ਬੁਰੀ ਤਰਾਂ ਹਾਰ ਜਾਂਦੇ ਹਾਂ,
ਨਾ ਤਾਂ ਅਸੀ ਜੂਝਦੇ ਹਾਂ
ਤੇ ਨਾ ਹੀ ਕਦੇ ਬਾਗੀ ਹੁੰਦੇ ਹਾਂ,
ਪਰ ਭਗਤ ਸਿੰਘ ਦੇ ਸਮਰਥਕਾਂ ਵਿੱਚ
ਸਭ ਤੋਂ ਅੱਗੇ ਖੜੇ ਹੁੰਦੇ ਹਾਂ,
ਫਿਰ ਅਸੀਂ ਮੁੜ ਉਥੇ ਨੂੰ ਚੱਲ ਪੈਦੇਂ ਹਾਂ
ਜਿਥੋਂ ਅਸੀ ਜੰਮੇ ਹੁੰਦੇ ਹਾਂ;

ਫਿਰ ਕਈ ਸਾਲਾਂ ਪਿੱਛੋਂ ਕੀਲੇ ਉਤੇ ਟੰਗਿਆ,
ਯੂਰੀਏ-ਖਾਦ ਦਾ ਬੋਰਾ ਮੋਢੇ ਉਤੋਂ ਪਾਈਂ
ਘਰੋਂ ਨਿੱਕਲੇ ਹੁੰਦੇ ਹਾਂ,
ਤੇ ਗੱਜਣ ਸਿੰਘ ਜੂਨੀਅਰ
ਡਿਗਰੀਆਂ ਦੀ ਫੈਕਟਰੀ ਵਿੱਚ
ਖੜਾ ਡਿਗਰੀਆਂ ਬਣਾ ਰਿਹਾ ਹੁੰਦਾ ਹੈ;

Harpreet Singh