ਜੋ ਹਾਰਾਂ ਕਬੂਲੇ ਨਾ / Jo Haaran Kabule Na – Satinder Sartaj

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।

ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ,
ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ।

ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ,
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ,
ਜੋ ਸੁਬਹਾ ਨੂੰ ਮੰਦਿਰ ‘ਤੇ ਸ਼ਾਮਾਂ ਨੂੰ ਠੇਕੇ,
ਓਹ ਭੇਖੀ ਹੋਏਗਾ ਪੁਜਾਰੀ ਨੀ ਹੋਣਾ।

ਜੋ ਦਰ ‘ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ ‘ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ।

ਜਿੰਨ੍ਹਾ ਡੋਰ ਮੁਰਸ਼ਦ ਦੇ ਹੱਥਾਂ ‘ਚ ਦਿੱਤੇ,
ਜੋ ਮਿਹਨਤ ਨੂੰ ਹੀ ਸਮਝਦੇ ਨੇ ਜੀ ਕਿੱਤੇ,
ਓਹ ਸਰਤਾਜ ਹਾਰਨ ਦੇ ਪਿੱਛੋਂ ਵੀ ਜਿੱਤੇ,
ਕੋਈ ਫਤਵਾ ਓਹਨਾਂ ‘ਤੇ ਜਾਰੀ ਨੀ ਹੋਣਾ।

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

 

This entry was posted in Satinder Sartaj and tagged . Bookmark the permalink.

1 Response to ਜੋ ਹਾਰਾਂ ਕਬੂਲੇ ਨਾ / Jo Haaran Kabule Na – Satinder Sartaj

Leave a comment