September 10, 2008
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ।
ਰਿਸ਼ਤਿਆਂ ਦੀ ਭੀੜ ‘ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ।
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ
ਤੇਰੇ ਆਂਗਣ ਵਿਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ।
ਕੌਣ ਜਸ਼ਨਾਂ ਵਿਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ
ਜ਼ਿੰਦਗੀ ਵਿਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ।
ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇਕ ਵੀ ਰੇਖ ‘ਚੋਂ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ।
ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤੱਕ ਆਉਣਾ ਨਹੀਂ
ਜਦ ਤੇਰੀ ਮਿੱਟੀ ‘ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ।
ਮਹਿਫ਼ਲਾਂ ਵਿਚ, ਚਾਰ ਯਾਰਾਂ ਵਿਚ, ਉਤਸਵ ਵਿਚ ਵੀ
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ।
ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆ ਸੀ ਕਦੇ
ਹੁਣ ਕਦੇ ‘ਜਗਤਾਰ’ ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।
Leave a Comment » |
Jagtaar | Tagged: Jagtaar, Khat |
Permalink
Posted by Harmeet Sidhu
April 22, 2008
ਸਮਝੇ ਖੁਦਾ, ਖੁਦਾ ਦਾ ਜੋ ਘਰ ਜਲਾ ਗਏ ਨੇ ।
ਪਰ ਸ਼ਹਿਰ ਕਿਉ ਲਹੂ ਦਾ ਦਰਿਆ ਬਣਾ ਗਏ ਨੇ।
ਚਿੜੀਆਂ ਦਾ ਫਿਕਰ ਕਿੰਨੈ, ਸਾਰੇ ਨਿਜ਼ਾਮ ਤਾਈ ,
ਹਰ ਆਲ੍ਹਣੇ ਦੀ ਰਾਖੀ , ਸ਼ਿਕਰੇ ਬਠਾ ਗਏ ਨੇ ।
ਕਿਆ ਬਰਫਬਾਰਿੳ ਹੈ, ਮੌਸਮ ਬਚਾਉਣ ਦਾ ਗੁਰ ,
ਇਕ ਇਕ ਗੁਲਾਬ ਚੁਣਕੇ, ਧੁੱਪਾਂ ‘ਚ ਪਾ ਗਏ ਨੇ ।
ਤਕਸੀਮ ਹੋ ਰਹੇ ਨੇ , ਬੰਦੇ ਖੁਦਾ ਵਤਨ ਵੀ ,
ਪੱਟੀ ਖੁਦਾ ਦੇ ਵਾਰਸ , ਐਸੀ ਪੜ੍ਹਾ ਗਏ ਨੇ ।
ਧੁੱਪਾਂ ‘ਚ ਕੁਝ ਕਹੇਗਾ , ਬਾਰਸ਼ ‘ਚ ਕੁਝ ਕਹੇਗਾ ,
ਇੱਕ ਇਸ਼ਤਿਹਾਰ ਐਸਾ, ਹਰ ਘਰ ‘ਚ ਲਾ ਗਏ ਨੇ ।
ਮਕਤਲ ਹੀ ਬਣ ਗਿਆ ਹੈ, ਸਾਰਾ ਵਤਨ ਇਹ ਮੇਰਾ,
ਤਲਵਾਰ ਨੂੰ ਉਹ ਐਸਾ, ਭੂਏ ਚੜ੍ਹਾ ਗਏ ਨੇ ।
ਮਲਬੇ ‘ਚ ਨੇ ਗਵਾਚੇ, ਰਸਤੇ ਵੀ ਸਭ ਘਰਾਂ ਦੇ
ਵਸਦੇ ਨਗਰ ਨੂੰ ਐਸਾ, ਖੰਡਹਰ ਬਣਾ ਗਏ ਨੇ ।
Dr. Jagtaar
Leave a Comment » |
Jagtaar | Tagged: Jagtaar |
Permalink
Posted by Harmeet Sidhu